ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਵਿੱਚ ਸ਼ੁਰੂਆਤੀ ਸਿੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਾਜ ਭਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਹਰ ਮਹੀਨੇ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ (ECCE) ਦਿਵਸ ਮਨਾਇਆ ਜਾਂਦਾ ਹੈ। ਇਸੇ ਕੜੀ ਤਹਿਤ ਜ਼ਿਲ੍ਹੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ ਮੁੱਢਲੀ ਬਾਲ ਸਿੱਖਿਆ ਅਤੇ ਦੇਖਭਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਨੇ ਦਿੰਦਿਆ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਮਨਾਏ ਗਏ ਈ ਸੀ ਸੀ ਈ ਦਿਵਸ ਦੌਰਾਨ ਬੱਚਿਆਂ, ਮਾਪਿਆਂ ਅਤੇ ਆਂਗਣਵਾੜੀ ਵਰਕਰਾਂ ਨੇ ਵੱਖ-ਵੱਖ ਸਿੱਖਣ ਸਬੰਧੀ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਮਾਪਿਆਂ ਨੂੰ ਬੱਚਿਆਂ ਦੇ ਬੋਧਾਤਮਕ ਵਿਕਾਸ ਨੂੰ ਮਜ਼ਬੂਤ ਕਰਨ ਬਾਰੇ ਮਹੱਤਵਪੂਰਨ ਜਾਣਕਾਰੀਆਂ ਦਿੱਤੀ ਗਈ।
ਸਮਾਗਮ ਦੌਰਾਨ ਮਾਪਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਘਰ ਅੰਦਰ ਉਹ ਬੱਚਿਆਂ ਲਈ ਕਹਾਣੀਆਂ ਸੁਣਾਉਣ, ਗਿਣਤੀ–ਰੰਗ ਨਾਲ ਜਾਣ-ਪਛਾਣ ਕਰਵਾਉਣ, ਛੋਟੇ ਅਤੇ ਵੱਡਿਆਂ ਦੀ ਪਛਾਣ ਕਰਵਾਉਣ ਸੰਬੰਧ ਘਰੇਲੂ ਵਸਤਾਂ ਨਾਲ ਸਿੱਖਣ ਦੇ ਅਨੁਭਵ ਦੇਣ ਅਤੇ ਉਹਨਾਂ ਦੇ ਪ੍ਰਸ਼ਨਾਂ ਦਾ ਧਿਰਜ ਨਾਲ ਜਵਾਬ ਦੇਣ ਰਾਹੀਂ ਬੋਧਾਤਮਕ ਵਿਕਾਸ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਨਵੇਂ ਅਨੁਭਵ, ਖੋਜ ਅਤੇ ਸਿੱਖਣ ਵਾਲਾ ਮਾਹੌਲ ਮਿਲਣ ‘ਤੇ ਉਹਨਾਂ ਦੀ ਯਾਦ-ਸ਼ਕਤੀ, ਧਿਆਨ, ਤਰਕਸ਼ੀਲ ਸਮਰੱਥਾ ਅਤੇ ਭਾਸ਼ਾਈ ਵਿਕਾਸ ਤੇਜ਼ੀ ਨਾਲ ਹੁੰਦਾ ਹੈ, ਜੋ ਉਹਨਾਂ ਦੇ ਭਵਿੱਖ ਦੀ ਸਿੱਖਿਆ ਲਈ ਮਜ਼ਬੂਤ ਨੀਂਹ ਰੱਖਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਸਮਾਰੋਹ ਵਿੱਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀਆਂ ਆਦਤਾਂ, ਖਾਣ- ਪੀਣ ਅਤੇ ਸਾਫ ਸਫਾਈ ਸਬੰਧੀ ਸੰਖੇਪ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਮਾਪਿਆਂ ਨੂੰ 0 ਤੋਂ 6 ਸਾਲ ਦੇ ਬੱਚਿਆਂ ਦੀ ਉਮਰ ਅਨੁਸਾਰ ਦੇਖਭਾਲ, ਖੇਡ-ਆਧਾਰਿਤ ਸਿੱਖਿਆ ਅਤੇ ਸੰਪੂਰਨ ਵਿਕਾਸ ਬਾਰੇ ਜਾਗਰੂਕ ਕੀਤਾ ਗਿਆ। ਆਂਗਨਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਫ਼-ਸੁਥਰਾ ਰਹਿਣ, ਹੱਥ ਧੋਣ ਦੀ ਮਹੱਤਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਆਂਗਨਵਾੜੀ ਵਰਕਰਾਂ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਈ ਸੀ ਸੀ ਈ ਦਿਵਸ (ECCE Day) ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਸਿੱਖਣ-ਸਮਰੱਥਾ ਵਧਾਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਬੱਚਿਆਂ ਦੀ ਯਾਦਸ਼ਕਤੀ, ਸਮਝ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ।